ਡਰਬੀ – 31 ਅਕਤੂਬਰ 1984 ਨੂੰ ਭਾਰਤ ਦੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ 1 ਨਵੰਬਰ ਤੋਂ 3 ਨਵੰਬਰ 1984 ਤੱਕ ਸਿੱਖਾਂ ਦੇ ਕਤਲੇਆਮ, ਦੌਰਾਨ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਗੁਰਦੁਆਰਾ ਸਿੰਘ ਸਭਾ ਡਰਬੀ ਵਿਖੇ 1 ਨਵੰਬਰ 2020 ਨੂੰ ਯੂ ਕੇ ਦੇ ਨੌਜਵਾਨ ਸਿੱਖ ਯੂਥ ਕਾਨਫਰੰਸ ਆਯੋਜਿਤ ਕੀਤੀ ਗਈ।
ਹਫ਼ਤਾਵਾਰ ਦੀਵਾਨ ਦੌਰਾਨ ਕੀਰਤਨ ਉਪਰੰਤ ਸਿੰਘ ਸਭਾ ਡਰਬੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਪੁਰੇਵਾਲ ਨੇ ਨੌਜਵਾਨ ਕਾਨਫਰੰਸ ਆਰੰਭ ਕਰਨ ਲਈ ਵਰਲਡ ਸਿੱਖ ਪਾਰਲੀਮੈਂਟ ਦੇ ਸੈਕਟਰੀ ਭਾਈ ਮਨਪ੍ਰੀਤ ਸਿੰਘ ਨੂੰ ਸਟੇਜ ਸੌਂਪਦੇ ਹੋਏ ਯੂਥ ਕਾਨਫਰੰਸ ਆਰੰਭ ਕਰਨ ਲਈ ਕਿਹਾ ।
ਮਨਪ੍ਰੀਤ ਸਿੰਘ ਨੇ ਸਟੇਜ ਦੀ ਕਾਰਵਾਈ ਨਿਭਾਉਂਦਿਆਂ ਕਿਹਾ ਸਾਨੂੰ ਆਪਣੀ ਕਲਮ ਨੂੰ ਵੀ ਤਾਕਤਵਰ ਬਨਾਉਣ ਦੀ ਲੋੜ ਹੈ, ਇਹ ਤਦ ਹੀ ਤਕੜੀ ਹੋ ਸਕਦੀ ਹੈ, ਜੇ ਸਾਡੇ ਕੋਲ ਆਪਣੀ ਸਿਆਸੀ ਤਾਕਤ ਹੋਵੇ। ਗੁਰੂ ਸਾਹਿਬ ਨੇ ਸਾਨੂੰ ਬਹੁਤ ਤਾਕਤਵਰ ਫਲਸਫਾ ਬਖਸ਼ਿਆ ਹੈ, ਤੇ ਗੁਰ ਫੁਰਮਾਨ ਹੈ, ਨਾਨਕਿ ਰਾਜ ਚਲਾਇਆ ਸਚੁ ਕੋਟਿ ਸਤਾਣੀ ਨੀਵ ਦੈ ।। ਗੁਰਬਾਣੀ ਤੋਂ ਸੇਧ ਲੈ ਕੇ ਅਸੀਂ ਅੱਗੇ ਵਧ ਸਕਦੇ ਹਾਂ। ਉਹਨਾਂ ਕਿਹਾ ਕਾਂਗਰਸ ਅਤੇ ਭਾਜਪਾ ਦੋਵਾਂ ਦਾ ਹੀ ਇਕੋ ਰੂਪ ਹੈ, ਉਹਨਾਂ ਦੇ ਜ਼ਿਹਨ ਵਿੱਚ ਇਕੋ ਇਕ ਏਜੰਡਾ ਹਿੰਦੂਤਵਾ ਦੇ ਅਧੀਨ ਸਭ ਨੂੰ ਲਿਆਉਣ ਦਾ ਹੈ। ਉਹਨਾਂ ਦੀ ਸਮੱਸਿਆ ਹੀ ਇਹ ਹੈ ਕਿ ਤੁਸੀਂ ਆਪਣਾ ਨਿਆਰਪਨ ਕਾਇਮ ਰੱਖਣਾ ਚਾਹੁੰਦੇ ਹੋ। ਹਿੰਦੂ ਅਤੇ ਸਿੱਖ ਦਰਮਿਆਨ ਸਿਧਾਂਤਕ ਮੱਤਭੇਦਾਂ ਦਾ ਬਹੁਤ ਵੱਡਾ ਫ਼ਰਕ ਹੈ।
ਭਾਈ ਮਨਪ੍ਰੀਤ ਸਿੰਘ ਦੇ ਸੱਦੇ ਤੇ ਡਾ: ਗੁਰਨਾਮ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਹਰ ਸਿੱਖ ਨੂੰ ਆਪਣੇ ਫ਼ਰਜ਼ ਪਛਾਨਣ ਦੀ ਲੋੜ ਤੇ ਜ਼ੋਰ ਕੀਤਾ। ਡਾ: ਹੁਣਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਹੁਣ ਤੱਕ ਕੌਮ ਨੇ ਬਹੁਤ ਮੋਰਚੇ ਲਾ ਕੇ ਦੇਖ ਲਏ ਹਨ, ਅਜੇ ਵੀ ਪੰਜਾਬ ਵਿੱਚ ਕਈ ਮੋਰਚੇ ਚੱਲ ਰਹੇ ਹਨ, ਜਿਵੇਂ ਕਿ ਕਿਸਾਨ ਆਪਣੀਆਂ ਜਾਇਦਾਦਾਂ ਬਚਾਉਣ ਅਤੇ ਫਸਲਾਂ ਦੇ ਮੁੱਲ ਸਬੰਧੀ ਮੋਰਚੇ ਲਾ ਕੇ ਬੈਠੇ ਹਨ। ਕੌਮ ਨੂੰ ਹਰ ਇਕ ਮੁਹਾਜ਼ ਤੇ ਸਹੀ ਅਗਵਾਈ ਦੀ ਲੋੜ ਹੈ।
ਨੌਜਵਾਨ ਭਾਈ ਹਰਵਿੰਦਰ ਸਿੰਘ ਨੇ ਸੰਬੋਧਨ ਕਰਦੇ ਹੋਏ ਹੋਏ ਕਿਹਾ ਅੱਜ ਪੰਜਾਬ ਵਿੱਚ ਕਿੰਨੇ ਮੋਰਚੇ ਲੱਗੇ ਹੋਏ ਹਨ, ਉਹਨਾਂ ਮੋਰਚਿਆਂ ਦਾ ਕਾਰਨ ਵੀ ਇਹੀ ਹੈ ਕਿ ਸਾਡੀ ਕੌਮ ਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਕੌਮ ਨੂੰ ਇਨਸਾਫ਼ ਉਦੋਂ ਮਿਲਣਾ ਹੈ, ਜਦੋਂ ਸਾਰੀ ਤਾਕਤ ਇਕੱਠੀ ਕਰਕੇ ਕੌਮੀ ਆਜ਼ਾਦੀ ਵੱਲ ਵਧਾਂਗੇ। ਉਹਨਾਂ ਕਿਹਾ ਜਦੋਂ ਬੰਦਾ ਬਹਾਦਰ ਦਾ ਰਾਜ ਆਇਆ ਤਾਂ ਉਹਨਾਂ ਨੇ ਜਗੀਰਦਾਰੀ ਖਤਮ ਕਰਕੇ ਬੇਜ਼ਮੀਨੇ ਵਾਹੀਕਾਰਾਂ ਨੂੰ ਮਾਲਕ ਬਣਾ ਦਿੱਤਾ, ਅੱਜ ਫਿਰ ਮਨੂੰਵਾਦੀ ਸੋਚ ਦੀ ਮਾਲਕ ਅੱਜ ਦੀ ਸਰਕਾਰ ਮੁੜ ਸੈਂਕੜੇ ਸਾਲ ਪਿੱਛੇ ਵਾਲਾ ਵਰਤਾਰਾ ਲਿਆ ਰਹੀ ਹੈ। ਇਸ ਦਾ ਹੱਲ ਇਕੋ ਇਕ ਕੌਮ ਦੀ ਆਜ਼ਾਦੀ ਹੈ ਤੇ ਬਾਕੀ ਦੱਬੇ ਲਿਤਾੜੇ ਲੋਕਾਂ ਨੂੰ ਨਾਲ ਲੈਣ ਦੀ ਲੋੜ ਹੈ।
ਆਸਟਨ ਯੂਨੀਵਰਸਿਟੀ (ਬਰਮਿੰਘਮ) ਵਿਖੇ ਖਾਲਿਸਤਾਨ ਸੋਸਾਇਟੀ ਦੀ ਪ੍ਰਧਾਨ ਬੀਬੀ ਭਵਨਜੋਤ ਕੌਰ ਨੇ ਨਵੰਬਰ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸੋਸਾਇਟੀ ਨਾਲ ਜੁੜਨ ਲਈ ਕਿਹਾ ।
ਭਾਈ ਜੋਗਾ ਸਿੰਘ ਨੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਕਿਹਾ ਕਿ ਨੌਜਵਾਨ ਬੜੇ ਉਤਸ਼ਾਹ ਨਾਲ ਅੱਗੇ ਆਉਣ ਅਤੇ ਕੌਮ ਦੀ ਅਗਵਾਈ ਕਰਨ। ਉਹਨਾਂ ਕਿਹਾ, ਮੈਂ ਸੁਰਤ ਸੰਭਾਲਣ ਤੋਂ ਹੁਣ ਤੱਕ ਅਨੇਕਾਂ ਮੋਰਚਿਆਂ ਦੇ ਵਿੱਚ ਦੀ ਲੰਘਿਆ ਹਾਂ, ਕਦੇ ਕੋਈ ਮੋਰਚਾ, ਕੋਈ ਕੋਈ ਸੰਘਰਸ਼, ਸਾਡੇ ਬੰਦੇ ਫ਼ੜੇ ਜਾਂਦੇ ਹਨ, ਫਿਰ ਉਹਨਾਂ ਨੂੰ ਛੁਡਾਉਣ ਦੇ ਮੋਰਚੇ ਲੱਗ ਜਾਂਦੇ ਹਨ, ਇਸ ਸਭ ਕਾਸੇ ਦਾ ਇਕੋ ਇਕ ਹੱਲ ਹੈ, ਕੌਮ ਦੀ ਆਜ਼ਾਦੀ। ਉਹਨਾਂ ਕਿਹਾ ਅਸੀਂ ਕੌਮ ਦੀ ਆਜ਼ਾਦੀ ਲਈ ਇਕ ਵਾਰ ਡਟ ਕੇ ਸੰਘਰਸ਼ ਕਰ ਲਈਏ ਫਿਰ ਹੀ ਕੌਮ ਨੂੰ ਇਨਸਾਫ਼ ਮਿਲ ਸਕਦਾ ਹੈ।
ਨੌਜਵਾਨ ਭਾਈ ਸ਼ਮਸ਼ੇਰ ਸਿੰਘ ਨੇ ਬਹੁਤ ਹੀ ਵਧੀਆ ਢੰਗ ਨਾਲ ਵਿਸਥਾਰ ਸਹਿਤ ਪੰਥ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਓ ਅੱਜ ਆਪਾਂ ਆਜ਼ਾਦੀ ਦੀ ਲੜਾਈ ਨੂੰ ਅੱਗੇ ਲੈ ਕੇ ਵਧੀਏ।
ਪੰਜਾਬ ਦੀ ਆਜ਼ਾਦੀ ਲਈ ਰਿਫਰੰਡਮ 2020 ਮੁਹਿੰਮ ਚਲਾਉਣ ਵਾਲੀ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਸੇਵਾਦਾਰ ਭਾਈ ਦੁਪਿੰਦਰਜੀਤ ਸਿੰਘ ਨੇ ਗੁਰੂ ਸਾਹਿਬਾਨ ਦੇ ਫਸਲਫੇ ਨੂੰ ਅੰਤਰੀਵ ਭਾਵ ਤੋਂ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਇਨਸਾਫ਼ ਲੈਣ ਲਈ ਵੀ ਤੁਹਾਨੂੰ ਤਕੜੇ ਹੋਣਾ ਪੈਂਦਾ ਹੈ। ਗੁਰੂ ਸਾਹਿਬ ਨੇ ਸਾਨੂੰ ਸ਼ਾਸਤਰ ਦੇ ਨਾਲ ਨਾਲ ਸ਼ਸਤਰਧਾਰੀ ਬਣਾਇਆ ਹੈ। ਆਪਣੀ ਆਜ਼ਾਦੀ ਲਈ ਅਸੀਂ ਕਿਵੇਂ ਅੱਗੇ ਵਧਣਾ ਹੈ। ਅੱਜ ਪੰਜਾਬ ਦੇ ਆਜ਼ਾਦੀ ਰਿਫਰੰਡਮ ਲਈ ਪੰਜਾਬ ਦੇ ਲੋਕ ਅੱਗੇ ਆ ਰਹੇ ਹਨ, ਭਾਰਤ ਸਰਕਾਰ ਨੂੰ ਇਸ ਵੇਲੇ ਹੱਥਾਂ ਪੈਰਾਂ ਦੀ ਪਈ ਹੋਈ ਹੈ, ਕਿ ਇਹ ਆਜ਼ਾਦੀ ਲਹਿਰ ਮੁੜ ਕਿਵੇਂ ਉਠ ਖੜ੍ਹੀ ਹੋਈ।
ਪੀ ਐਚ ਡੀ ਵਿਦਿਆਰਥੀ ਜਸਪ੍ਰੀਤ ਸਿੰਘ ਜਨਰਲ ਸੈਕਟਰੀ ਖਾਲਿਸਤਾਨ ਸੋਸਾਇਟੀ ਬਰਮਿੰਘਮ ਯੂਨੀਵਰਸਿਟੀ ਨੇ ਵਿਚਾਰ ਸਾਂਝੇ ਕੀਤੇ, ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਿਉਂ ਕਰਨਾ ਪੈਂਦਾ ਹੈ। ਜਿਹਨਾਂ ਨੇ ਕੁਰਬਾਨੀ ਕੀਤੀ, ਸ਼ਹਾਦਤਾਂ ਦਿੱਤੀਆਂ, ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਦਿਨ ਮਨਾਉਣ ਨਾਲ ਇਹ ਇਤਿਹਾਸ ਹੋਰ ਲੋਕਾਂ ਤੱਕ ਪਹੁੰਚਦਾ ਹੈ, ਜਿਹਨਾਂ ਨੇ ਉਸ ਦੇ ਬਾਰੇ ਕੁਝ ਪਤਾ ਨਹੀਂ ਹੁੰਦਾ, ਇਸ ਤਰ੍ਹਾਂ ਸਾਰੀ ਕੌਮ ਜਾਗਰੂਕ ਹੁੰਦੀ ਹੈ। ਤੁਹਾਡਾ ਦੁਸ਼ਮਣ ਤਾਂ ਚਾਹੁੰਦਾ ਹੈ ਕਿ ਜੋ ਤੁਹਾਡੇ ਨਾਲ ਹੋਇਆ ਤੁਸੀਂ ਉਸ ਨੂੰ ਭੁੱਲ ਜਾਓ। ਉਹਨਾਂ ਕਿਹਾ ਹੁਣ ਨੌਜਵਾਨਾਂ ਦੇ ਮੋਢਿਆਂ ਉਤੇ ਕੌਮ ਦੀਆਂ ਬਹੁਤ ਵੱਡੀਆਂ ਜਿੰਮੇਵਾਰੀਆਂ ਹਨ। ਜਸਪ੍ਰੀਤ ਸਿੰਘ ਨੇ ਸ਼ਬਦ ਜੈਨੋਸਾਈਡ ਕੌਮੀ ਨਸਲਕੁਸ਼ੀ ਦੇ ਬਾਰੇ ਦੱਸਿਆ ਕਿ ਇਹ ਯਹੂਦੀਆਂ ਤੋਂ ਆਇਆ ਹੈ। ਪਰ ਸਾਡੀ ਕੌਮ ਵੱਲੋਂ ਇਸ ਸਬੰਧ ਵਿੱਚ ਘੱਲੂਘਾਰਾ ਸ਼ਬਦ ਪਹਿਲਾਂ ਤੋਂ ਹੀ ਹੋਂਦ ਵਿੱਚ ਹੈ। ਇਹ ਨਸਲ ਕੁਸ਼ੀ ਕਈ ਪੱਧਰ ਤੇ ਹੁੰਦੀ ਹੈ। ਸਾਨੂੰ ਪੰਜਾਬ ਵਿੱਚ ਸਾਡੀ ਘਟਦੀ ਜਾ ਰਹੀ ਗਿਣਤੀ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।
ਭਾਈ ਜਗਜੀਤ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਨਵੰਬਰ 1984 ਸਿੱਖਾਂ ਦੀ ਨਸਲਕੁਸ਼ੀ ਬਾਰੇ ਦੱਸਿਆ ਕਿ ਭਾਰਤ ਦੇ 100 ਦੇ ਕਰੀਬ ਸ਼ਹਿਰਾਂ ਵਿੱਚ ਸਿੱਖਾਂ ਨੂੰ ਮਾਰਿਆ ਗਿਆ। ਸਿੱਖਾਂ ਦੇ ਘਰਾਂ ਦੀਆਂ ਸੂਚੀਆਂ ਕਾਤਲਾਂ ਦੇ ਹੱਥ ਕਿਵੇਂ ਆਈਆਂ? ਇਹ ਸੂਚੀਆਂ ਕਾਂਗਰਸ ਆਗੂਆਂ, ਸਰਕਾਰੀ ਪ੍ਰਸ਼ਾਸਨ ਵੱਲੋਂ ਖਰੂਦੀਆਂ ਨੂੰ ਦਿੱਤੀਆਂ ਗਈਆਂ। ਦਿੱਲੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਅਤੇ ਖਤਮ ਕਰਨ ਲਈ ਇਹ ਦੋਵੇਂ ਘੱਲੂਘਾਰੇ ਵਰਤਾਏ, ਪਹਿਲਾਂ ਜੂਨ 1984 ਨੂੰ ਅਤੇ ਫਿਰ ਨਵੰਬਰ 1984 ਵਿੱਚ, ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਭਾਈ ਮਨਵੀਰ ਸਿੰਘ ਜੀ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਹ ਬਹੁਤਾ ਚਿਰ ਜੀਵਤ ਨਹੀਂ ਰਹਿੰਦੀਆਂ, ਉਹ ਕੌਮਾਂ ਹੀ ਹਮੇਸ਼ਾਂ ਆਨ ਤੇ ਅਣਖ ਨਾਲ ਜਿਊਂਦੀਆਂ ਹਨ, ਜਿਹੜੀਆਂ ਆਪਣੇ ਸ਼ਹੀਦਾਂ ਅਤੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ। ਉਹਨਾਂ ਨੇ ਨਵੰਬਰ 1984 ਦੀ ਨਸਲਕੁਸ਼ੀ ਵਿੱਚੋਂ ਬਚੀਆਂ ਦੋ ਬੀਬੀਆਂ ਮਾਤਾ ਜਗਦੀਸ਼ ਕੌਰ ਅਤੇ ਬੀਬੀ ਨਿਰਪਜੀਤ ਕੌਰ ਦੀਆਂ ਮਿਸਾਲਾਂ ਦਿੱਤੀਆਂ। ਉਹਨਾਂ ਉਦਾਹਰਣ ਦਿੱਤੀ, ਕਿ ਬੀਬੀ ਜਗਦੀਸ਼ ਕੌਰ ਨੇ ਆਪਣੀ ਇਕ ਮੁਲਾਕਾਤ ਵਿੱਚ ਦੱਸਿਆ ਸੀ ਜਦੋਂ ਦੰਗਈਆਂ ਨੇ ਉਹਨਾਂ ਦੇ ਪਤੀ ਦੀ ਦਸਤਾਰ ਉਤਾਰ ਦਿੱਤੀ ਤੇ ਸ਼ਹੀਦ ਕਰ ਦਿੱਤਾ, ਤਾਂ ਮਾਤਾ ਜਗਦੀਸ਼ ਕੌਰ ਨੇ ਪ੍ਰਣ ਕੀਤਾ ਕਿ ਉਹ ਹਮੇਸ਼ਾਂ ਦਸਤਾਰ ਸਜਾ ਕੇ ਰੱਖੇਗੀ, ਸੋ ਉਹਨਾਂ ਨੇ ਮੌਕਾ ਮਿਲਣ ਤੇ ਸ੍ਰੀ ਅਕਾਲ ਤਖਤ ਤੇ ਜਾ ਕੇ ਅੰਮ੍ਰਿਤ ਛਕਿਆ ਤੇ ਹਮੇਸ਼ਾਂ ਦਸਤਾਰ ਸਜਾ ਕੇ ਰੱਖਦੇ ਹਨ। ਸਿੱਖਾਂ ਨੂੰ ਮਾਰਨ ਤੋਂ ਪਹਿਲਾਂ ਜ਼ਲੀਲ ਕੀਤਾ ਗਿਆ। ਉਹਨਾਂ ਕਿਹਾ ਆਓ ਅੱਜ ਆਪਾਂ ਪ੍ਰਣ ਕਰੀਏ, ਜਿਹਨਾਂ ਨੇ ਅਜੇ ਦਸਤਾਰਾਂ ਨਹੀਂ ਸਜਾਈਆਂ, ਉਹ ਦਸਤਾਰਾਂ ਸਜਾ ਲਓ, ਕੇਸ ਕੱਟਣੇ ਛੱਡ ਦਿਓ ਅਤੇ ਜਿਹਨਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹ ਅੰਮ੍ਰਿਤ ਛਕ ਲੈਣ। ਆਓ ਅੱਜ ਆਪਾਂ ਫਿਰ ਇਤਿਹਾਸ ਦੁਹਰਾ ਦੇਈਏ, ਜਿਵੇਂ ਪੁਰਾਤਨ ਸਿੱਖ ਕਿਹਾ ਕਰਦੇ ਸਨ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ । ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ । ਜੇ ਉਹ ਸਾਨੂੰ ਖਤਮ ਕਰਨਾ ਚਾਹੁੰਦੇ ਹਨ, ਤਾਂ ਅਸੀਂ ਫਿਰ ਅੱਜ ਦੂਣ ਸਵਾਏ ਹੋ ਜਾਈਏ । ਉਹਨਾਂ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਦੇ ਅੰਦਰ ਸਿੱਖੀ ਭਾਵਨਾ ਉਪਜਣ ਸਬੰਧੀ ਵਿਚਾਰ ਸਾਂਝੇ ਕੀਤੇ। ਬੀਬੀ ਹਰਵਿੰਦਰ ਕੌਰ ਨੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਸਮਰਪਿਤ ਕਵਿਤਾ ਸੰਗਤਾਂ ਨਾਲ ਸਾਂਝੀ ਕੀਤੀ ।
ਸੇਵਿੰਗ ਪੰਜਾਬ ਸੰਸਥਾ ਦੇ ਨੌਜਵਾਨ ਭਾਈ ਗੁਰਪ੍ਰੀਤ ਸਿੰਘ ਨੇ ਪੰਜਾਬ ਨੂੰ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਮਨਸੂਬਿਆਂ ਬਾਰੇ ਸਾਂਝ ਪਾਈ। ਸਿੱਖ ਕੌਮ ਦੀ ਨਸਲਕੁਸ਼ੀ ਦੇ ਵੱਖ ਵੱਖ ਅੰਗ ਹਨ, ਤੁਹਾਡਾ ਪਾਣੀ ਲੁੱਟਣਾ, ਤੁਹਾਨੂੰ ਗੋਲੀਆਂ ਨਾਲ ਮਾਰਨਾ, ਤੁਹਾਡੇ ਧਰਮ ਉਤੇ ਹਮਲਾ, ਤੁਹਾਡੀ ਧਰਤੀ ਨੂੰ ਜ਼ਹਿਰੀਲੀ ਕਰ ਦੇਣਾ, ਜਿਸ ਨਾਲ ਕੈਂਸਰ ਵਰਗੀਆਂ ਭੈਭੀਤ ਕਰਨ ਵਾਲੀਆਂ ਬਿਮਾਰੀਆਂ ਲੱਗ ਰਹੀਆਂ ਹਨ। ਅੱਜ ਪੰਜਾਬ ਵਿੱਚ ਲੋਕਾਂ ਨੂੰ ਇਹ ਅਹਿਸਾਸ ਹੀ ਨਹੀਂ ਕਿ ਉਹ ਬਿਮਾਰ ਹਨ, ਜੇ ਕਿਸੇ ਨੂੰ ਇਸ ਬਾਰੇ ਅਹਿਸਾਸ ਹੋਵੇ ਕਿ ਉਸ ਨੂੰ ਕੀ ਚਾਹੀਦਾ ਹੈ, ਤਾਂ ਹੀ ਉਹ ਜਾਗਰੂਕ ਹੋ ਕੇ ਅੱਗੇ ਆ ਸਕਦੇ ਹਨ।
ਆਖਰ ਵਿੱਚ ਪ੍ਰਸਿੱਧ ਵਕੀਲ ਸ: ਰਣਜੀਤ ਸਿੰਘ ਸਰਾਏ ਮੁੱਖ ਸੇਵਾਦਾਰ ਕੌਂਸਲ ਆਫ਼ ਖਾਲਿਸਤਾਨ ਨੇ ਅੱਜ ਦੀ ਕਾਨਫਰੰਸ ਦਾ ਨਿਚੋੜ ਕੱਢਿਆ ਤੇ ਕਿਹਾ ਕਿ ਅਸੀਂ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਨੂੰ ਕੌਮ ਦੇ ਹੀਰੋ ਮੰਨਦੇ ਹੋਏ ਉਹਨਾਂ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹਾਂ, ਤੇ ਸਾਰੀ ਕੌਮ ਹਮੇਸ਼ਾਂ ਮੰਨਦੀ ਰਹੇਗੀ ਜਿਹਨਾਂ ਜੂਨ 1984 ਘੱਲੂਘਾਰੇ ਦੀ ਮੁੱਖ ਦੋਸ਼ੀ ਇੰਦਰਾ ਗਾਂਧੀ ਨੂੰ ਸਜ਼ਾ ਦੇ ਕੇ ਇਨਸਾਫ਼ ਕੀਤਾ। ਜੋ ਸਿੱਖਾਂ ਨਾਲ ਕੀਤਾ ਗਿਆ, ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। 1984 ਜੂਨ ਅਤੇ ਨਵੰਬਰ ਵਿੱਚ ਸਿੱਖ ਕਤਲੇਆਮ ਨੂੰ ਬਿਆਨ ਕਰਨਾ ਅੱਖਰਾਂ ਤੋਂ ਬਾਹਰ ਹੈ, ਫਿਰ ਇਸ ਦਾ ਕੋਈ ਇਨਸਾਫ਼ ਨਹੀਂ । ਜੇ ਤੁਸੀਂ ਆਪਣੀ ਇਨਸਾਨੀਅਤ, ਸਿਆਸੀ ਹੋਂਦ, ਆਪਣੇ ਕਾਨੂੰਨੀ ਹੱਕ ਬਚਾਉਣੇ ਹਨ, ਤਾਂ ਇਸ ਦਾ ਇਕੋ ਇਕ ਹੱਲ ਹੈ ਖਾਲਿਸਤਾਨ ਦੀ ਆਜ਼ਾਦੀ। ਇਹ ਇਕ ਨਾਹਰਾ ਹੀ ਨਹੀਂ ਸਗੋਂ ਇਸ ਦੇ ਪਿੱਛੇ ਇਕ ਫਲਸਫਾ ਖੜ੍ਹਾ ਹੈ। ਸਾਡੀ ਕੌਮ ਦਾ ਭਵਿੱਖ ਕੇਵਲ ਆਪਣੀ ਕੌਮੀ ਆਜ਼ਾਦੀ ਉਤੇ ਮੁਨੱਸਰ ਕਰਦਾ ਹੈ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਨੌਜਵਾਨ ਅੱਗੇ ਆ ਰਹੇ ਹਨ ਤੇ ਗੁਰੂ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਉਹ ਕੌਮ ਦੀ ਅਗਵਾਈ ਸੰਭਾਲਣ ਦੇ ਸਮਰੱਥ ਹੋਣ ਦੇ ਯੋਗ ਬਨਾਉਣ। ਸਰਕਾਰਾਂ ਹਮੇਸ਼ਾਂ ਆਪਣੇ ਹੱਕ ਮੰਗਣ ਵਾਲਿਆਂ ਨੂੰ ਅੱਤਵਾਦੀ ਆਖ ਕੇ ਉਹਨਾਂ ਨੂੰ ਦਬਾਉਂਦੀਆਂ ਆਈਆਂ ਹਨ, ਪਰ ਸਾਡਾ ਫਰਜ਼ ਹੈ ਅਸੀਂ ਦੁਨੀਆ ਨੂੰ ਸਹੀ ਸਥਿਤੀ ਦੱਸੀਏ ਤੇ ਆਪਣੇ ਹੱਕਾਂ ਨੂੰ ਦਬਾਏ ਜਾਣ ਸਬੰਧੀ ਜਾਗਰੂਕ ਕਰੀਏ। ਉਹਨਾਂ ਕਿਹਾ ਅੱਜ ਲੋੜ ਹੈ, ਯੂ ਐਨ ਓ ਵਿੱਚ ਸਿੱਖਾਂ ਦੀ ਨਸਲਕੁਸ਼ੀ ਦਾ ਏਜੰਡਾ ਲਿਆਂਦਾ ਜਾਵੇ ਅਤੇ ਦੁਨੀਆ ਇਹ ਮੰਨ ਕੇ ਚੱਲੇ ਕਿ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਹੈ। ਆਖਰ ਵਿੱਚ ਸਿੱਖ ਰਹਿਤ ਮਰਯਾਦਾ ਦੀ ਕਿਤਾਬ ਰਿਲੀਜ਼ ਕੀਤੀ ਗਈ।